ਸਰਕਾਰੀ ਕੰਨਿਆ ਸਕੂਲ ‘ਚ ਬਾਰਵੀਂ ਪਾਸ ਕਰ ਲਈ ਸੀ ਤੇ ਘਰਦਿਆਂ ਨੇ ਉਹਨੂੰ ਆਈਲਟਸ ਕਰਨ ਲਗਾ ਦਿੱਤਾ ।ਸੱਤ ਬੈਂਡ ਆ ਗਏ । ਘਰਦਿਆਂ ਨੂੰ ਪਤਾ ਸੀ ਕਿ ਬੈਂਡ ਆ ਜਾਣੇ ਆ ਤਾਹੀਂ ਉਹ ਸਕੀਰੀਆਂ ਚ ਪਹਿਲਾਂ ਹੀ ਕਹੀ ਬੈਠੇ ਸੀ ਕਿ ਕੋਈ ਚੰਗਾ ਘਰ ਹੋਵੇ ਤਾਂ ਦੱਸਿਉ ।ਵੀਜ਼ਾ ਆਉਣ ਤੇ ਅਖ਼ਬਾਰ ਚ ਐਡ ਦੇ ਦਿੱਤੀ ਤੇ ਨਾਲ ਲਿਖ ਦਿੱਤਾ ਕਿ ਉਹੀ ਸੰਪਰਕ ਕਰਨ ਜੋ ਵਿਆਹ ਤੇ ਪੜ੍ਹਾਈ ਦਾ ਖ਼ਰਚਾ ਕਰ ਸਕਣ । ਕਿੰਨੇ ਰਿਸ਼ਤੇ ਆਏ ਪਰ ਕੋਈ ਪਸੰਦ ਨਹੀਂ ਆਇਆ । ਉਸਦੀ ਭੂਆ ਨੇ ਆਵਦੇ ਦਿਉਰ ਦੇ ਮੁੰਡੇ ਦਾ ਰਿਸ਼ਤਾ ਕਰਾਉਣ ਦੀ ਗੱਲ ਪਿਉ ਦੇ ਕੰਨਾਂ ਚ ਕੱਢੀ ਤੇ ਕਿਹਾ ਕੁੜੀ ਰਾਜ਼ ਕਰੂ । ਮੁੰਡਾ ਕੁੜੀ ਤੋਂ ਪੰਜ ਸਾਲ ਵੱਡਾ ਸੀ ਪਰ ਫਿਰ ਵੀ ਘਰਦਿਆਂ ਨੇ ਭੂਆ ਦੀ ਗੱਲ ਨਾ ਮੋੜੀ ਤੇ ਵਿਆਹ ਦੀ ਗੱਲ ਚੱਲ ਪਈ । ਵਿਆਹ ਵੀਜ਼ਾ ਆਉਣ ਤੇ ਹੋਵੇਗਾ …ਇਹ ਗੱਲ ਕਾਰਮ ਲਈ ਕਿ ਜੇ ਵੀਜ਼ਾ ਨਾ ਆਇਆ ਤਾਂ ਵਿਆਹ ਨਹੀਂ ਕਰਾਂਗੇ । ਉਹਦਾ ਵੀਜ਼ਾ ਆ ਗਿਆ ਅਤੇ ਦਿਨਾਂ ਚ ਹੀ ਵਿਆਹ ਕਰ ਦਿੱਤਾ ਗਿਆ ।
#brarjessy
ਸਭ ਐਨਾ ਛੇਤੀ ਛੇਤੀ ਹੋਇਆ ਕਿ ਕੁੜੀ ਨੂੰ ਕੁਛ ਨਾ ਸੋਚਣ ਦਿੱਤਾ ਗਿਆ। ਵਿਆਹ ਤੋਂ 15 ਦਿਨ ਬਾਅਦ ਕੁੜੀ ਕੈਨੇਡਾ ਚਲੀ ਗਈ । ਨੱਪ ਘੁੱਟ ਕੇ ਰੱਖੀ ਨੂੰ ਕੈਨੇਡਾ ਜਾ ਕੇ ਪਤਾ ਲੱਗਾ ਕਿ ਘਰ ਦੀਆਂ ਕੰਧਾਂ ਤੋਂ ਬਿਨਾਂ ਵੀ ਦੁਨੀਆਂ ਸੋਹਣੀ ਏ । ਉਹਨੂੰ ਸ਼ਾਹਰੁਖ ਖਾਨ ਦੀਆਂ ਫ਼ਿਲਮਾਂ ਵਾਲੇ ਸੀਨ ਯਾਦ ਆਏ । ਉੱਥੇ ਗੋਰੇ ਗੋਰੀਆਂ ਹੱਥਾਂ ਚ ਹੱਥ ਪਾਏ ਦੇਖਦੀ ਤਾਂ ਉਸਦੇ ਮਨ ਚ ਵੀ ਲੂਹਣੀ ਉੱਠਦੀ ਕਿ ਮੈਂ ਲਵ ਮੈਰਿਜ ਕਰਾਉਣੀ ਸੀ । ਪਹਿਲਾਂ ਉਸ ਨਾਲ ਖੂਬ ਘੁੰਮਣਾ ਸੀ , ਸੁਪਨੇ ਬੁਣਨੇ ਸੀ ਤੇ ਫਿਰ ਵਿਆਹ ਕਰਾਉਣਾ ਸੀ ।ਉਹ ਖ਼ਿਆਲਾਂ ਦੇ ਘਰ ਬਣਾਉਂਦੀ ਰਹਿੰਦੀ ।