ਮੈਂ ਸਾਊ ਕੁੜੀ ਨਹੀਂ ਹਾਂ’ , ‘ਘੜੇ ਵਿਚ ਦੱਬੀ ਇੱਜ਼ਤ’ , ‘ਇੱਜ਼ਤਦਾਰ ਘਰਾਂ ਦੀਆਂ ਕੁੜੀਆਂ’ , ‘ਕੀਕਣ ਆਖਾਂ ਮੈਂ ਔਰਤ’ ….. ਇਹ ਸਾਰੇ ਨਾਮ ਉਹਨਾਂ ਕਿਤਾਬਾਂ ਦੇ ਹਨ, ਜਿਹਨਾਂ ਨੂੰ ਇਕ ਨਵੇਂ ਪੋਚ ਦੀ ਅਦੀਬ ‘ਬਰਾੜ ਜੈਸੀ’ ਨੇ ਲਿਖਿਆ ਹੈ । ਇਹਨਾਂ ਨਾਵਾਂ ਨੂੰ ਪੜ੍ਹਦਿਆਂ ਇਹ ਅੰਦਾਜ਼ਾ ਲਾਉਣਾ ਮਸ਼ਕਿਲ ਨਹੀਂ ਰਹਿੰਦਾ ਕਿ ਕਿਤਾਬਾਂ ਵਿਚਲੀਆਂ ਲਿਖਤਾਂ ਦੇ ਵਿਸ਼ੇ ਕੀ ਹੋਣਗੇ…..ਉਹਨਾਂ ਦੀ ਤਾਸੀਰ…ਉਹਨਾਂ ਦੇ ਤੇਵਰ ਕਿਹੋ ਜਿਹੇ ਹੋਣਗੇ …।
ਇਸ ਵੇਲੇ ਮੇਰੇ ਸਾਹਮਣੇ ਉਸ ਦੇ ਨਵੇਂ ਕਾਵਿ-ਸੰਗ੍ਰਿਹ ‘ਕੀਕਣ ਆਖਾਂ ਮੈਂ ਔਰਤ’ ਦਾ ਖਰੜਾ ਹੈ ।ਇਹਨਾਂ ਕਵਿਤਾਵਾਂ ਨੂੰ ਪੜ੍ਹਦਿਆਂ ਲੱਗਿਆ ਜਿਵੇਂ ਸਾਡੀ ਧਰਤੀ ਦੀਆਂ ਸਾਰੀਆਂ ਧੀਆਂ ਆਪਣੇ ਦਿਲਾਂ ਦੇ ਦੁੱਖ-ਸੁਖ ਕਰ ਰਹੀਆਂ ਹੋਣ …..ਤੇ ਥੋਹੜੇ ਬਹੁਤੇ ਫ਼ਰਕ ਨਾਲ ਉਹ ਇੱਕੋ ਜਿਹੀ ਘੁਟਨ ਵਿਚ ਜਿਉਂ ਰਹੀਆਂ ਹੋਣ ।
ਸਾਡੇ ਸਮਾਜ ਵਿਚ ਔਰਤ ਦੀ ਸਥਿਤੀ ਨੂੰ ਲੈ ਕੇ ਇਸ ਕਵਿਤਾ ਦੀ ਕਾਵਿ-ਨਾਇਕਾ ਦੇ ਮਨ ਵਿਚ ਸਵਾਲਾਂ ਦਾ ਇਕ ਅਮੁੱਕ ਸਿਲਸਿਲਾ ਹੈ । ਉਹ ਸਦੀਆਂ ਦੀ ਬਣਾਈ ਹੋਈ ਨਾਰੀ ਨੂੰ ਬਦਲ ਰਹੇ ਸਮੇਂ ਦੀ ਖਿੜਕੀ ਰਾਹੀਂ ਵੇਖਦੀ ਹੈ, ਅਤੇ ਆਪਣੇ ਤਿੱਖੇ ਸਵਾਲਾਂ ਦੀ ਵਾਛੜ ਨਾਲ ਉਸ ਦਾ ਪ੍ਰੰਪਰਿਕ ਮੁਜੱਸਮਾ ਤਹਿਸ-ਨਹਿਸ ਕਰਦੀ ਹੋਈ ਉਸ ਦੀ ਇਕ ਨਵੀਂ ਤਸਵੀਰ ਸਿਰਜਦੀ ਹੈ । ਉਸ ਦੇ ਵਜੂਦ ਵਿਚ ਜੰਮੀਆਂ ਹੋਈਆਂ ਹਨੇਰੇ ਦੀਆਂ ਗਹਿਰੀਆਂ ਪਰਤਾਂ ਖੁਰਚ ਕੇ ਲਾਹੁੰਦੀ ਹੋਈ ਇੱਕ ਨਵੀਂ ਰੌਸ਼ਨੀ ਦਾ ਸੰਚਾਰ ਕਰਦੀ ਹੈ ।ਉਸ ਦੀਆਂ ਭਿੱਜੀਆਂ ਅਤੇ ਝੁਕੀਆਂ ਹੋਈਆਂ ਅੱਖਾਂ ਨੂੰ ਸਿਰ ਉੱਚਾ ਚੁੱਕ ਕੇ ਜਿਉਣ ਦਾ ਸੁਪਨਾ ਦਿੰਦੀ ਹੈ ।ਸਮਾਜ ਦੇ ਦਮਨ, ਦਬਾਅ ਅਤੇ ਜਬਰ ਦੇ ਖ਼ਿਲਾਫ਼ ਇਸ ਕਵਿਤਾ ਦਾ ਸੁਰ ਵਿਦਰੋਹ ਭਰਿਆ ਹੈ। ਉਹ ਉਹਨਾਂ ਖੋਖਲੀਆਂ ਕਦਰਾਂ ਨੂੰ ਆੜੇ ਹੱਥੀਂ ਲੈਂਦੀ ਹੈ , ਜਿਹਨਾਂ ਦੀ ਆੜ ਵਿਚ ਕੁੜੀਆਂ ਦੀਆਂ ਹਸਰਤਾਂ ਨੂੰ ਵੱਢ-ਟੁੱਕ ਕੇ ਉਹਨਾਂ ਨੂੰ ਇੱਕ ਨਿਸ਼ਚਤ ਦਾਇਰੇ ਵਿਚ ਜਿਉਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ । ਸਮਾਜ ਵਿਚ ਨਾਰੀ-ਪੁਰਖ ਦੀ ਬਰਾਬਰੀ ਦੀ ਤਾਂਘ ਨਾਲ ਸੰਜੋਈ ਹੋਈ ਇਸ ਸਿਰਜਣਾ ਲਈ ਮੈਂ ਬਰਾੜ ਜੈਸੀ ਨੂੰ ਮੁਬਾਰਕਬਾਦ ਆਖਦੀ ਹਾਂ ।ਆਸ ਕਰਦੀ ਹਾਂ ਕਿ ਮਨੁੱਖੀ ਸੰਵੇਦਨਾਂ ਨਾਲ ਲਰਜ਼ਦੀਆਂ ਇਹ ਭਾਵਪੂਰਤ ਕਵਿਤਾਵਾਂ ਪਾਠਕਾਂ ਦੇ ਦਿਲ ਟੁੰਬਣ ਵਿਚ ਸਫ਼ਲ ਹੋਣਗੀਆਂ ।
ਸੁਖਵਿੰਦਰ ਅੰਮ੍ਰਿਤ
Reviews
There are no reviews yet.